ਕੈਨਬਿਸ ਕਾਨੂੰਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ
ਕੈਨਾਬਿਸ ਐਕਟ (ਕਾਨੂੰਨ) ਬਣਾਉਣ ਦਾ ਉਦੇਸ਼ ਕੈਨੇਡਾ ਵਾਸੀਆਂ ਦੀ ਸਿਹਤ ਅਤੇ ਸਲਾਮਤੀ ਦੀ ਬਿਹਤਰ ਸੁਰੱਖਿਆ ਕਰਨਾ, ਕੈਨਾਬਿਸ (ਭੰਗ/ਗਾਂਜਾ) ਨੂੰ ਨੌਜਵਾਨ ਪੀੜ੍ਹੀ ਦੀ ਪਹੁੰਚ ਤੋਂ ਦੂਰ ਰੱਖਣਾ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਅਪਰਾਧੀਆਂ ਅਤੇ ਸੰਗਠਿਤ ਜੁਰਮ ਤੋਂ ਦੂਰ ਰੱਖਣਾ ਹੈ।
- ਕੈਨਾਬਿਸ ਅਤੇ ਕੈਨਾਬਿਸ ਤੋਂ ਬਣੇ ਉਤਪਾਦ ਖਰਦੀਣ, ਆਪਣੇ ਕੋਲ ਰੱਖਣ ਜਾਂ ਵਰਤਣ ਲਈ ਜ਼ਰੂਰੀ ਹੈ ਕਿ ਤੁਹਾਡੀ ਉਮਰ ਕਨੂੰਨ ਅਨੁਸਾਰ ਜਾਇਜ਼ ਹੋਵੇ (ਤੁਹਾਡੇ ਸੂਬੇ ਜਾਂ ਇਲਾਕੇ 'ਤੇ ਨਿਰਭਰ ਕਰਦੇ ਹੋਏ 18 ਜਾਂ 19 ਸਾਲ ਜਾਂ ਉਸ ਤੋਂ ਵੱਧ)।
- ਕੈਨਾਬਿਸ ਐਕਟ ਵਿੱਚ ਕਾਨੂੰਨੀ ਉਮਰ ਤੋਂ ਘੱਟ ਉਮਰ ਵਾਲੇ ਯੁਵਕਾਂ ਨੂੰ ਕੈਨਾਬਿਸ ਅਤੇ ਕੈਨਾਬਿਸ ਤੋਂ ਬਣੇ ਉਤਪਾਦ ਵੇਚਣ ਜਾਂ ਮੁਹੱਈਆ ਕਰਨ ਵਾਲਿਆਂ ਲਈ ਸਖਤ ਦੰਡ ਸ਼ਾਮਲ ਹਨ।
- ਤੁਸੀਂ 30 ਗਰਾਮ ਤੀਕ ਜਾਇਜ਼ ਸੁਕਾਇਆ ਹੋਇਆ, ਜਾਂ ਇਸ ਦੇ ਬਰਾਬਰ ਅਣ-ਸੁਕਾਏ ਰੂਪ ਵਿੱਚ ਕੈਨਾਬਿਸ ਆਪਣੇ ਕੋਲ ਰੱਖ ਸਕਦੇ ਹੋ।
- ਕੈਨਾਬਿਸ ਤੋਂ ਬਣੇ ਕਾਨੂੰਨੀ ਉਤਪਾਦਾਂ (0.3% ਟੀ ਐੱਚ ਸੀ ਜਾਂ ਟੀ ਐੱਚ ਸੀ ਤੋਂ ਘੱਟ ਮਾਤਰਾ ਵਾਲੇ ਉਤਪਾਦਾਂ ਨੂੰ ਛੱਡ ਕੇ) ਦੇ ਲੇਬਲਾਂ ਉੱਪਰ ਹਰ ਸੂਬੇ ਅਤੇ ਇਲਾਕੇ ਲਈ ਆਬਕਾਰੀ ਮਹਿਕਮੇ ਦੀ ਵੱਖਰੇ ਰੰਗ ਵਾਲੀ ਮੁਹਰ ਲੱਗੀ ਹੁੰਦੀ ਹੈ। ਜਾਇਜ਼ ਉਤਪਾਦ ਦੀ ਸ਼ਨਾਖ਼ਤ ਕਰਨ ਲਈ ਉਹ ਮੁਹਰ ਦੇਖੋ।
- ਕੈਨਾਬਿਸ ਅਤੇ ਕੈਨਾਬਿਸ ਤੋਂ ਬਣੇ ਉਤਪਾਦ, ਸਮੇਤ ਸੀ ਬੀ ਡੀ (CBD) ਵਾਲੇ, ਕੈਨਡਾ ਦੀ ਸੀਮਾ ਤੋਂ ਪਾਰ ਲੈ ਕੇ ਜਾਣਾ ਗ਼ੈਰ-ਕਨੂੰਨੀ ਹੈ, ਭਾਵੇਂ ਤੁਸੀਂ ਕੈਨੇਡਾ ਤੋਂ ਬਾਹਰ ਜਾ ਰਹੇ ਜਾਂ ਕੈਨੇਡਾ ਵਿੱਚ ਆ ਰਹੇ ਹੋਵੋਂ। ਇਹ ਸਾਰੇ ਦੇਸ਼ਾਂ ਉੱਪਰ ਲਾਗੂ ਹੁੰਦਾ ਹੈ ਭਾਵੇਂ ਉੱਥੇ ਕੈਨਾਬਿਸ ਕਨੂੰਨੀ ਹੋਵੇ ਜਾਂ ਨਾਂ ਹੋਵੇ।
- ਸਾਲ 2019 ਦੇ ਅਖੀਰ ਵਿੱਚ, ਕੈਨਾਬਿਸ ਦੇ ਖਾਧ ਉਤਪਾਦ, ਕੈਨਾਬਿਸ ਵਿੱਚੋਂ ਕੱਢੇ ਅਰਕ (ਰਸ ਆਦਿ) ਅਤੇ ਕੈਨਾਬਿਸ ਤੋਂ ਬਣੇ ਚਮੜੀ ਆਦਿ ਉੱਪਰ ਲਾਉਣ ਵਾਲੇ ਪਦਾਰਥ ਕਨੂੰਨੀ ਖ਼ਰੀਦਦਾਰੀ ਲਈ ਉਪਲਬਧ ਹੋਣੇ ਸ਼ੁਰੂ ਹੋ ਜਾਣਗੇ। ਇਹ ਉਤਪਾਦ ਖ਼ਰੀਦਦਾਰੀ ਲਈ ਪਹਿਲਾਂ ਤੋਂ ਹੀ ਉਪਲਬਧ ਕੈਨਾਬਿਸ ਉਤਪਾਦਾਂ, ਜਿਵੇਂ ਕਿ ਸੁਕਾਇਆ ਹੋਇਆ ਕੈਨਾਬਿਸ ਅਤੇ ਕੈਨਾਬਿਸ ਦਾ ਤੇਲ, ਤੋਂ ਇਲਾਵਾ ਹੋਣਗੇ।
- ਜੇ ਤੁਸੀਂ ਕੈਨਾਬਿਸ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਸਿਹਤ ਉੱਪਰ ਇਸ ਦੇ ਅਸਰਾਂ ਅਤੇ ਆਪਣੀ ਸਿਹਤ ਅਤੇ ਸਲਾਮਤੀ ਲਈ ਜੋਖਮ ਕਿਵੇਂ ਘਟਾਏ ਜਾਣ, ਇਸ ਬਾਰੇ ਜਾਣੋ। ਅਲਕੋਹਲ ਅਤੇ ਤਮਾਕੂ ਦੀ ਤਰ੍ਹਾਂ ਕੈਨਾਬਿਸ ਦੇ ਵੀ, ਖਾਸ ਤੌਰ 'ਤੇ ਯੁਵਕਾਂ ਅਤੇ ਨੌਜਵਾਨ ਬਾਲਗਾਂ ਲਈ ਜੋਖਮ ਹਨ।
- ਜਿਹੜਾ ਕੈਨਾਬਿਸ ਤੁਸੀਂ ਖਾਦੇਂ ਜਾਂ ਪੀਦੇਂ ਹੋ ਉਸਦੇ ਅਸਰ ਮਹਿਸੂਸ ਹੁੰਦੇ ਸ਼ੁਰੂ ਹੋਣ ਵਿੱਚ ਦੋ ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ, ਅਤੇ ਉਸਦੇ ਪੂਰੇ ਅਸਰ ਮਹਿਸੂਸ ਕਰਨ ਵਿੱਚ ਚਾਰ ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ, ਇਸਦੇ ਮੁਕਾਬਲੇ ਤਮਾਕੂਨੋਸ਼ੀ ਦੀ ਤਰ੍ਹਾਂ ਜਾਂ ਬਿਜਲਈ ਸਿਗਰਟ ਦੇ ਵਾਸ਼ਪਾਂ (ਵੇਪਿੰਗ) ਰਾਹੀ ਵਰਤੇ ਕੈਨਾਬਿਸ ਦਾ ਅਸਰ ਮਿੰਟਾਂ ਵਿੱਚ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਕੈਨਾਬਿਸ ਹਰ ਇੱਕ ਉੱਪਰ ਵੱਖਰਾ ਅਸਰ ਕਰਦਾ ਹੈ। ਭਾਵੇਂ ਕਿ ਇਸ ਦੇ ਅਸਰ ਦੇਰੀ ਨਾਲ ਹੋਣ, ਪਰ ਤੁਸੀਂ ਫ਼ਿਰ ਵੀ ਅਸਮਰੱਥ (ਵਿਕਾਰੀ ਅਸਰ ਅਧੀਨ) ਹੋ ਸਕਦੇ ਹੋ।
- ਮਦਹੋਸ਼ੀ ਦੀ ਹਾਲਤ ਵਿੱਚ ਗੱਡੀ ਨਾ ਚਲਾਉ ਜਾਂ ਵਿਕਾਰੀ ਹਾਲਤ ਵਿੱਚ ਕੰਮ ਨਾ ਕਰੋ। ਸੁਰੱਖਿਅਤ ਢੰਗ ਨਾਲ ਵਾਹਨ ਜਾਂ ਸਾਜ਼ੋ-ਸਾਮਾਨ (ਮਸ਼ੀਨਾਂ ਆਦਿ) ਚਲਾਉਣ ਦੀ ਤੁਹਾਡੀ ਯੋਗਤਾ ਵਿੱਚ ਕੈਨਾਬਿਸ ਵਿਕਾਰ ਪੈਦਾ ਕਰ ਸਕਦਾ ਹੈ। ਕੈਨਾਬਿਸ ਜਾਂ ਕਿਸੇ ਹੋਰ ਨਸ਼ੀਲੀ ਦਵਾਈ ਦੇ ਅਸਰ ਹੇਠ ਗੱਡੀ ਚਲਾਉਣਾ ਇੱਕ ਗੰਭੀਰ ਫ਼ੌਜਦਾਰੀ ਜੁਰਮ ਹੈ।
- ਜੇ ਤੁਸੀਂ ਕੈਨਾਬਿਸ ਆਪਣੇ ਕੋਲ ਰੱਖਦੇ ਹੋ ਤਾਂ ਉਸ ਨੂੰ ਬੱਚਿਆ, ਯੁਵਕਾਂ ਅਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖੋ। ਖਾਧੇ ਜਾਣ ਵਾਲੇ ਕੈਨਾਬਿਸ ਦਾ ਖ਼ਾਸ ਧਿਆਨ ਰੱਖੋ ਕਿਉਂਕਿ ਇਸਨੂੰ ਗ਼ਲਤੀ ਨਾਲ ਖਾਣ ਜਾਂ ਪੀਣ ਵਾਲੀ ਸਧਾਰਨ ਚੀਜ਼ ਸਮਝਿਆ ਜਾ ਸਕਦਾ ਹੈ।
- ਕੈਨਬਿਸ ਐਕਟ ਦੇ ਅਧੀਨ, ਡਾਕਟਰੀ ਉਦੇਸ਼ਾਂ ਲਈ ਕੈਨਾਬਿਸ ਪਹਿਲਾਂ ਵਾਂਗ ਉਹਨਾਂ ਲੋਕਾਂ ਨੂੰ ਮੁਹੱਈਆ ਕੀਤਾ ਜਾਣਾ ਜਾਰੀ ਰਹੇਗਾ ਜਿਨ੍ਹਾਂ ਨੂੰ ਇਸ ਦੇ ਲਈ ਉਹਨਾਂ ਦੇ ਸਿਹਤ ਦੇਖਭਾਲ ਪ੍ਰੈਕਟੀਸ਼ਨਰ ਵਲੋਂ ਅਧਿਕਾਰ ਦਿੱਤਾ ਹੋਇਆ ਹੈ।
ਕੈਨਾਬਿਸ ਐਕਟ ਅਤੇ ਕੈਨਾਬਿਸ ਦੇ ਸਿਹਤ ਉੱਪਰ ਪੈਣ ਵਾਲੇ ਅਸਰਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਕਿਰਪਾ ਕਰਕੇ Canada.ca/Cannabis ਦੇਖੋ ਜਾਂ 1 800 O-Canada 'ਤੇ ਕਾਲ ਕਰੋ।